ਮੁਲਾਜਮ ਤੇ ਪੈਂਸ਼ਨਰਜ ਜੱਥੇਬੰਦੀਆਂ ਵੱਲੋਂ ਸਮੂਹਿਕ ਛੁੱਟੀਆਂ ਭਰਕੇ 4 ਦਿਨ ਤੋਂ ਕੀਤੀ ਹੋਈ ਸੀ ਹੜਤਾਲ
25 ਮੰਗਾਂ ਦੇ ਮੀਟਿੰਗ ਆਫ ਮਿੰਟਸ ਜਾਰੀ, 26ਵੀਂ ਨਵੀਂ ਮੰਗ ਤਹਿਤ 9 ਜੁਲਾਈ ਅਤੇ 11, 12, 13, 14 ਦੀ ਛੁੱਟੀ ਹਾਜਰੀ 'ਚ ਹੋਵੇਗੀ ਤਬਦੀਲ
ਮੋਹਾਲੀ 14 ਅਗਸਤ (ਗੁਰਿੰਦਰ ਕੌਰ ਮਹਿਦੂਦਾਂ, ਮਨਪ੍ਰੀਤ ਸਿੰਘ ਰਣਦਿਓ) ਬਿਜਲੀ ਮੁਲਾਜਮਾਂ ਤੇ ਪੈਂਸ਼ਨਰਜ ਦੀਆਂ ਜੱਥੇਬੰਦੀਆਂ ਸਾਂਝੇ ਤੌਰ 'ਤੇ ਸਮੂਹਿਕ ਛੁੱਟੀਆਂ ਭਰਕੇ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਸੀ ਉਹ ਉਸ ਸਮੇਂ ਮੁਲਤਵੀ ਹੋ ਗਿਆ ਜਦੋਂ ਜੱਥੇਬੰਦੀਆਂ ਅਤੇ ਬਿਜਲੀ ਮੰਤਰੀ, ਸੀਐਮਡੀ, ਡਾਇਰੈਕਟਰਜ ਤੇ ਮੈਨੇਜਮੈਂਟ ਵਿਚਕਾਰ ਮੋਹਾਲੀ ਵਿਖੇ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਦੀ ਲਿਖਤੀ ਸਹਿਮਤੀ ਮਿਲ ਗਈ। ਮੀਟਿੰਗ ਦੀ ਖਾਸ ਗੱਲ ਏਹ ਰਹੀ ਕਿ ਭਾਵੇਂ ਮੀਟਿੰਗ ਪਹਿਲਾਂ ਹੀ ਖਤਮ ਹੋ ਗਈ ਸੀ ਅਤੇ ਸਹਿਮਤੀ ਬਣਨ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪ੍ਰੈਸ ਕਾਨਫਰੰਸ ਕਰਕੇ ਖੁਦ ਹੀ ਹੜਤਾਲ ਖਤਮ ਹੋਣ ਦਾ ਐਲਾਨ ਕਰ ਦਿੱਤਾ। ਜਦਕਿ ਦੂਜੇ ਪਾਸੇ ਜੱਥੇਬੰਦੀਆਂ ਦੇ ਆਗੂ ਮੀਟਿੰਗ ਆਫ ਮਿੰਟਸ ਲਿਖੇ ਜਾਣ ਤੱਕ ਅੜੇ ਰਹੇ। ਉਨ੍ਹਾਂ ਬਿਜਲੀ ਮੰਤਰੀ ਜਾਂ ਮੈਨੇਜਮੈਂਟ 'ਤੇ ਰੱਤੀ ਭਰ ਵੀ ਭਰੋਸਾ ਨਹੀਂ ਕੀਤਾ ਅਤੇ ਬਣੀਆਂ ਸਹਿਮਤੀਆਂ ਨੂੰ ਲਿਖਤੀ ਕਾਪੀ ਪ੍ਰਾਪਤ ਕਰਨ ਤੋਂ ਬਾਅਦ ਹੀ ਸੰਘਰਸ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜੁਆਇੰਟ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਅਤੇ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੱਭ ਤੋਂ ਪਹਿਲਾਂ ਸਮੂਹਿਕ ਛੁੱਟੀਆਂ ਭਰਕੇ ਸੰਘਰਸ਼ 'ਚ ਕੁੱਦੇ ਸਾਰੇ ਬਿਜਲੀ ਮੁਲਾਜਮਾਂ ਤੋਂ ਇਲਾਵਾ ਸਮੱਰਥਨ 'ਚ ਆਏ ਪੈਸ਼ਨਰਾਂ, ਕਿਸਾਨ ਯੂਨੀਅਨਾਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਏਹ ਤੁਹਾਡੀ ਵੱਡੀ ਜਿੱਤ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਨੇ ਤੁਹਾਡੀਆਂ ਮੰਗਾਂ ਨੂੰ ਮੰਨ ਕੇ ਉਸਦੀ ਲਿਖਤੀ ਕਾਪੀ ਜਾਰੀ ਕਰ ਦਿੱਤੀ ਹੈ। ਏਨ੍ਹਾਂ ਮੰਗਾਂ ਉੱਤੇ ਬੀ ਓ ਡੀ ਦੀ ਮੋਹਰ ਲੱਗਣ ਉਪਰੰਤ ਇਨ੍ਹਾਂ ਦੇ ਸਰਕੂਲਰ ਜਾਰੀ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੋ ਮੰਗਾਂ ਨਿਗਮ ਤੋਂ ਬਿਨ੍ਹਾਂ ਸਰਕਾਰ ਨਾਲ ਸਬੰਧਿਤ ਹਨ ਉਨ੍ਹਾਂ ਦੇ ਨੋਟੀਫਿਕੇਸ਼ਨ ਵੀ ਜਲਦੀ ਜਾਰੀ ਹੋਣਗੇ। ਉਨ੍ਹਾਂ ਏਹ ਵੀ ਦੱਸਿਆ ਕਿ ਕੁਝ ਮੰਗਾਂ ਸਬੰਧੀ ਕਮੇਟੀਆਂ ਬਣੀਆਂ ਹਨ ਜਿਨ੍ਹਾਂ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਦੇ ਵੀ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ। ਉਨ੍ਹਾਂ ਬਿਜਲੀ ਮੁਲਾਜਮਾਂ ਨੂੰ ਭਵਿੱਖ 'ਚ ਵੀ ਏਸੇ ਪ੍ਰਕਾਰ ਤਕੜੇ ਹੋ ਕੇ ਸੰਘਰਸ਼ ਲੜ੍ਹਨ ਲੲੌ ਪ੍ਰੇਰਤ ਕਰਦਿਆਂ ਮੁਬਾਰਕਬਾਦ ਦਿੱਤੀ ਕਿ ਤੁਹਾਡੇ ਵੱਲੋਂ ਦੇਸ਼ ਵਿਆਪੀ ਹੜਤਾਲ ਦੌਰਾਨ 9 ਜੁਲਾਈ ਨੂੰ ਛੁੱਟੀ ਭਰਕੇ ਕੀਤੀ ਹੜਤਾਲ ਅਤੇ ਹੁਣ 11, 12, 13 ਅਤੇ 14 ਅਗਸਤ ਨੂੰ ਮੁੜ ਸਮੂਹਿਕ ਛੁੱਟੀਆਂ ਭਰਕੇ ਕੀਤੀ ਹੜਤਾਲ ਦੀਆਂ ਪੰਜੇ ਛੁੱਟੀਆਂ ਹਾਜਰੀ 'ਚ ਤਬਦੀਲ ਕਰਦਿਆਂ ਉਸਦੀ ਕਾਪੀ ਤੱਕ ਜਾਰੀ ਕਰ ਦਿੱਤੀ ਗਈ ਹੈ। ਇਸ ਮੌਕੇ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਰਣਜੀਤ ਸਿੰਘ ਢਿੱਲੋਂ, ਗੁਰਭੇਜ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਕੁਲਵਿੰਦਰ ਸਿੰਘ ਢਿੱਲੋਂ, ਸੁਰਿੰਦਰਪਾਲ ਲਾਹੌਰੀਆ, ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਕੌਰ ਸਿੰਘ ਸੋਹੀ, ਦੇਵਿੰਦਰ ਸਿੰਘ ਪਿਸ਼ੌਰ, ਪਵਨਪ੍ਰੀਤ ਸਿੰਘ, ਗੁਰਤੇਜ ਸਿੰਘ ਪੱਖੋ, ਰਛਪਾਲ ਸਿੰਘ ਪਾਲੀ, ਰਘਵੀਰ ਸਿੰਘ ਰਾਮਗੜ੍ਹ, ਗੁਰਪਿਆਰ ਸਿੰਘ, ਬੀ ਐਸ ਸੇਖੋਂ, ਰਾਧੇ ਸ਼ਿਆਮ, ਇੰਜ ਮਨਿੰਦਰਜੀਤ ਸਿੰਘ ਆਦਿ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਵੀ ਹੜਤਾਲ ਵਾਪਸ ਹੋਣ ਦਾ ਖੁਲਾਸਾ
ਚੰਡੀਗੜ੍ਹ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਪੰਜਾਬ ਦੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ. ਓ. ਨੇ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਹੜਤਾਲ ਵਾਪਸ ਹੋਣ ਦਾ ਖੁਲਾਸਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਦੇ ਆਗੂਆਂ ਨਾਲ 10.08.25 ਅਤੇ 14.08.2025 ਨੂੰ ਮੇਰੀ ਅਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਅਤੇ ਪੀ.ਐਸ.ਪੀ.ਸੀ.ਐਲ. ਪ੍ਰਸ਼ਾਸ਼ਨ ਦੀ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਪੰਜਾਬ ਭਵਨ, ਅਤੇ ਪੀ.ਐਸ.ਪੀ.ਸੀ.ਐਲ. ਗੈਸਟ ਹਾਊਸ ਚੰਡੀਗੜ੍ਹ ਵਿਖੇ ਹੋਈ ਸੀ। ਮੀਟਿੰਗ ਦੌਰਾਨ ਜ਼ੋ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਗਾਂ ਰੱਖੀਆਂ ਗਈਆਂ ਸਨ ਉਨ੍ਹਾਂ ਨੂੰ ਪ੍ਰਵਾਨ ਕਰਨ ਸਬੰਧੀ ਮਿੰਟਸ ਆਫ਼ ਮੀਟਿੰਗ ਦੀ ਕਾਪੀ ਵੀ ਮੁਹੱਈਆ ਕਰਵਾ ਦਿੱਤੀ ਗਈ।
ਸ੍ਰ ਈ. ਟੀ. ਓ. ਨੇ ਕਿਹਾ ਕਿ ਯੂਨੀਅਨ ਆਗੂਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਦੌਰ ਉਪਰੰਤ ਮੰਗਾਂ ਉਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲਾਗੂ ਕਰਨ ਲਈ ਜਲਦ ਹੀ ਪੀ.ਐਸ.ਪੀ.ਸੀ.ਐਲ. ਦੇ ਬੋਰਡ ਆਫ਼ ਡਾਇਰੈਕਟਰਜ਼ ਤੋਂ ਪ੍ਰਵਾਨਗੀ ਲੈਣ ਲਈ ਜਾਵੇਗੀ ਅਤੇ ਜਿੰਨ੍ਹਾਂ ਮੰਗਾਂ ਸਬੰਧੀ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਦੀ ਜ਼ਰੂਰਤ ਹੈ ਉਹ ਵੀ ਜਲਦ ਹਾਸਿਲ ਕਰ ਲਈ ਜਾਵੇਗੀ।
ਬਿਜਲੀ ਮੰਤਰੀ ਨੇ ਇਸ ਮੌਕੇ ਸਮੂੰਹ ਜਥੇਬੰਦੀਆਂ ਦੇ ਆਗੂਆਂ ਅਤੇ ਮੈਂਬਰਾਂ ਦੀ ਵੀ ਧੰਨਵਾਦ ਕੀਤਾ ਜ਼ੋ ਕਿ ਸਰਕਾਰ ਦੀ ਗੱਲ ਮੰਨ ਕੇ ਕੰਮ ਤੇ ਵਾਪਸ ਪਰਤ ਆਏ ਹਨ ਉਨ੍ਹਾਂ ਕਿਹਾ ਕਿ 30 ਸਤੰਬਰ ਤੱਕ ਪੀ.ਐਸ.ਪੀ.ਸੀ.ਐਲ. ਲਈ ਬਹੁਤ ਅਹਿਮ ਸਮਾਂ ਹੁੰਦਾ ਹੈ ਕਿਉਂਕਿ ਗਰਮੀ ਵਿਚ ਘਰਾਂ ਨੂੰ ਅਤੇ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਪੂਰਤੀ ਲਈ ਬਿਜਲੀ ਦੀ ਸੁਚਾਰੂ ਸਪਲਾਈ ਬਹੁਤ ਜ਼ਰੂਰੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਮੰਗ ਸੀ ਕਿ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਵਿਚ ਹੋਰ ਭਰਤੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਹੁਣ ਤੱਕ 7000 ਤੋਂ ਵੱਧ ਭਰਤੀ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਵਿਚ ਹੁਣ ਤੱਕ ਕਰ ਦਿੱਤੀ ਹੈ ਅਤੇ ਇਸ ਸਾਲ ਦੇ ਅੰਤ ਤੱਕ 11000 ਦੇ ਕਰੀਬ ਹੋਰ ਭਰਤੀ ਮੁਕੰਮਲ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਐਕਸ ਗ੍ਰੇਸੀਆ ਵਿੱਚ ਪੰਜ ਲੱਖ ਰੁਪਏ ਦਾ ਵਾਧਾ ਕਰ ਕੇ 35 ਲੱਖ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਆਊਟ ਸੋਰਸ ਅਤੇ ਕੰਟਰੈਕਟ ਮੁਲਾਜ਼ਮਾਂ ਦੀ ਮੰਗਾਂ ਸਬੰਧੀ ਕਮੇਟੀ ਬਣਾਈ ਗਈ ਹੈ ਜਿਵੇਂ ਹੀ ਇਹ ਕਮੇਟੀ ਰਿਪੋਰਟ ਦਿੰਦੀ ਹੈ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ।
No comments
Post a Comment